ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਆਯੋਜਿਤ
ਨਸ਼ਿਆਂ ਦੀ ਰੋਕਥਾਮ ਅਤੇ ਇਲਾਜ ਸੇਵਾਵਾਂ ਸਬੰਧੀ ਦਿੱਤੀ ਜਾਣਕਾਰੀ
ਫ਼ਰੀਦਕੋਟ, 21 ਮਾਰਚ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬਾਹਰ ਆਟੋ ਰਿਕਸ਼ਾ ਯੂਨੀਅਨ ਅਤੇ ਆਮ ਆਦਮੀ ਕਲੀਨਕ ਬਾਜੀਗਰ ਬਸਤੀ ਅਧੀਨ ਚੱਲ ਰਹੇ ਓਟ ਸੈਂਟਰ ਵਿਖੇ ਮਾਸ ਮੀਡੀਆ ਬਰਾਂਚ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ, ਹਮਦਰਦੀ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਯਤਨ ਕਰੇ। ਨਸ਼ੇ ਦੀ ਬਿਮਾਰੀ ਵਿੱਚ ਪੈਣ ਵਾਲੇ ਮਰੀਜ਼ਾਂ ਨੂੰ ਨਸ਼ਾ ਕਰਨ ਨਾਲ ਏਡਜ਼, ਕਾਲਾ ਪੀਲੀਆ ਅਤੇ ਟੀਬੀ ਵਰਗੀਆਂ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੱਸਿਆ ਦੇ ਖਾਤਮੇ ਲਈ ਫ਼ਰੀਦਕੋਟ ਜਿਲ੍ਹੇ ਵਿੱਚ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਮੁੜਵਸੇਵਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾ ਵਿਚ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ। ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਲਖਵਿੰਦਰ ਸਿੰਘ ਕੈਂਥ, ਆਈਈਸੀ ਗਤੀਵਿਧੀਆਂ ਦੇ ਨੋਡਲ ਅਫਸਰ ਬੀਈਈ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਅਧੀਨ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਮੁਹੱਈਆ ਮੁਫਤ ਇਲਾਜ, ਹੋਰ ਸਿਹਤ ਸਹੂਲਤਾਂ ਅਤੇ ਸੁਵਿਧਾਵਾਂ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਮੁਹੱਈਆ ਸਿਹਤ ਸੇਵਾਵਾਂ,ਸਹੂਲਤਾਂ ਅਤੇ ਭਲਾਈ ਸਕੀਮਾਂ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਲੋਕਾਂ ਦੀ ਸਹਾਇਤਾ ਲਈ ਚਲਾਏ ਗਏ ਹੈਲਪ ਲਾਈਨ ਨੰਬਰ 104 ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਜਾਗਰੂਕਤਾ ਸਮੱਗਰੀ ਵੀ ਤਕਸੀਮ ਕੀਤੀ ਗਈ। ਅੰਤ ਵਿੱਚ ਮਾਸ ਮੀਡੀਆ ਟੀਮ ਨੇ ਸਾਰਿਆਂ ਨੂੰ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕਾਉਂਸਲਰ ਲਾਲਜੀਤ ਸਿੰਘ, ਸਟਾਫ ਨਰਸ ਅਮਨਦੀਪ ਕੌਰ, ਡਾਟਾ ਐਂਟਰੀ ਅਪਰੇਟਰ ਦਵਿੰਦਰ ਸਿੰਘ ਅਤੇ ਪੁਲਿਸ ਵਿਭਾਗ ਵੱਲੋਂ ਸੀਨੀਅਰ ਕਾਂਸਟੇਬਲ ਗੁਰਮੀਤ ਕੌਰ ਅਤੇ ਲੇਡੀ ਕਾਂਸਟੇਬਲ ਪਿੰਕੀ ਹਾਜਰ ਸਨ।

