ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ ’ਚ ਮੁੱਖ ਦਰਬਾਰ ਸਾਹਿਬ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤ 

Aug 12, 2025 - 22:12
ਗੁਰਦੁਆਰਾ ਮੋਤੀ ਬਾਗ ਸਾਹਿਬ ਦਿੱਲੀ ’ਚ ਮੁੱਖ ਦਰਬਾਰ ਸਾਹਿਬ ਹਾਲ ਸੁੰਦਰੀਕਰਨ ਮਗਰੋਂ ਸੰਗਤਾਂ ਨੂੰ ਸਮਰਪਿਤ 

ਨਵੀਂ ਦਿੱਲੀ, 10 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿਚ ਬਹੁਤ ਸ਼ਰਧਾ ਤੇ ਸਤਿਕਾਰ ਹੈ ਅਤੇ ਇਹ ਸਮਾਗਮ ਹਮੇਸ਼ਾ ਸੰਗਤਾਂ ਨੂੰ ਯਾਦ ਰਹਿਣਗੇ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ। 

ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮੁੱਖ ਦਰਬਾਰ ਸਾਹਿਬ ਦਾ ਸੁੰਦਰੀਕਰਨ ਕੀਤੇ ਜਾਣ ਤੋਂ ਬਾਅਦ ਇਸਨੂੰ ਸੰਗਤਾਂ ਨੂੰ ਸਮਰਪਿਤ ਕਰਨ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵੱਲੋਂ ਵਰੋਸਾਏ ਸੰਤ ਬਾਬਾ ਬਚਨ ਸਿੰਘ ਜੀ ਤੇ ਉਹਨਾਂ ਦੀ ਟੀਮ ਨੇ ਮੁੱਖ ਹਾਲ ਦੇ ਸੁੰਦਰੀਕਰਨ ਦੀ ਇਹ ਸੇਵਾ ਸੰਪੰਨ ਕੀਤੀ ਹੈ। ਉਹਨਾਂ ਦੱਸਿਆ ਕਿ ਬਾਬਾ ਬਚਨ ਸਿੰਘ ਜੀ ਵੱਲੋਂ ਦਿੱਲੀ ਕਮੇਟੀ ਦੇ ਵੱਖ-ਵੱਖ ਕਾਰਜਾਂ ਵਿਚ ਕਾਰ ਸੇਵਾ ਰਾਹੀਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਵਿਚ ਮੁਲਾਜ਼ਮਾਂ ਲਈ ਕੁਆਰਟਰ, ਬਾਲਾ ਸਾਹਿਬ ਹਸਪਤਾਲ ਦੀ ਸੇਵਾ ਸਮੇਤ ਵੱਖ-ਵੱਖ ਕਾਰਜ ਸ਼ਾਮਲ ਹਨ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਹਮੇਸ਼ਾ ਨੇਪਰੇ ਚੜ੍ਹੇ ਹਨ ਅਤੇ ਭਵਿੱਖ ਵਿਚ ਵੀ ਚੜ੍ਹਨਗੇ ਕਿਉਂਕਿ ਸੰਗਤਾਂ ਹਮੇਸ਼ਾ ਦਸਵੰਧ ਦਾ ਯੋਗਦਾਨ ਪਾ ਕੇ ਇਹਨਾਂ ਕਾਰਜਾਂ ਨੂੰ ਨੇਪਰੇ ਚੜ੍ਹਾਉਂਦੀਆਂ ਹਨ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਜੋ ਚਲ ਰਹੀ ਹੈ, ਉਸਦਾ ਭੋਗ ਤਾਂ ਲਾਲ ਕਿਲ੍ਹੇ ’ਤੇ ਪਵੇਗਾ ਹੀ ਬਲਕਿ ਲਾਲ ਕਿਲ੍ਹੇ ’ਤੇ ਲਗਾਤਾਰ ਅਜਿਹੇ ਸਮਾਗਮ ਹੋਣਗੇ ਜੋ ਸੰਗਤਾਂ ਲਈ ਹਮੇਸ਼ਾ ਯਾਦਗਾਰੀ ਰਹਿਣਗੇ। ਉਹਨਾਂ ਕਿਹਾ ਕਿ 24, 25 ਅਤੇ 26 ਨਵੰਬਰ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਹਨ। ਇਸੇ ਦੇ ਨਾਲ ਹੀ ਸਰਬ ਧਰਮ ਸੰਮੇਲਨ ਵੀ ਰੱਖਿਆ ਗਿਆ ਹੈ ਜਿਸ ਵਿਚ ਵੱਖ-ਵੱਖ ਧਰਮਾਂ ਦੇ ਆਗੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਆਪੋ ਆਪਣੇ ਵਿਚਾਰ ਸੰਗਤਾਂ ਨਾਲ ਸੰਬੋਧਨ ਕਰਨਗੇ। 

ਉਹਨਾਂ ਦੱਸਿਆ ਕਿ ਇਸੇ ਤਰੀਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਨਗਰ ਕੀਰਤਨ ਸਜਾਇਆ ਹੈ। ਇਸਦੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵੀ ਨਗਰ ਕੀਰਤਨ ਦਿੱਲੀ ਤੱਕ ਸਜਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਰੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਹ ਸਮਾਗਮ ਚਿਰ ਕਾਲੀ ਯਾਦਗਾਰੀ ਰਹਿਣਗੇ। 

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਨੇ ਇਹ ਸਮਾਗਮ ਆਯੋਜਿਤ ਕਰਨ ਵਾਸਤੇ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੱਡਾਮੁੱਲਾ ਸਹਿਯੋਗ ਦੇਣ ਵਾਸਤੇ ਉਚੇਚੇ ਤੌਰ ’ਤੇ ਭਰੋਸਾ ਦੁਆਇਆ ਹੈ ਤੇ ਉਹ ਆਸ ਕਰਦੇ ਹਨ ਕਿ ਇਹ ਸਮਾਗਮ ਯਾਦਗਾਰੀ ਰਹਿਣਗੇ।

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਪੰਜਾਬੀ ਭਾਸ਼ਾ ਦੇ ਇਕ ਅਨੁਭਵੀ ਪੱਤਰਕਾਰ ਹਨ। ਜੋ ਹਮੇਸ਼ਾ ਜਮੀਨੀ ਸੱਚਾਈਆਂ ਅਤੇ ਲੋਕਾਂ ਦੀ ਆਵਾਜ਼ ਨੂੰ ਮੀਡੀਆ ਰਾਹੀਂ ਉਜਾਗਰ ਕਰਨ ਲਈ ਪ੍ਰਤਿਬੱਧ ਰਹੇ ਹਨ। ਉਨ੍ਹਾਂ ਕੋਲ ਖੇਤਰੀ ਅਤੇ ਰਾਜ ਸਤਰ ਦੀਆਂ ਖ਼ਬਰਾਂ ਵਿੱਚ ਵਰ੍ਹਿਆਂ ਦਾ ਤਜਰਬਾ ਹੈ। ਉਹ ਵਰਤਮਾਨ ਵਿੱਚ ਪੰਜਾਬੀ ਨਿਊਜ਼ ਵਿਭਾਗ ਦੇ ਨਿਊਜ਼ ਐਡੀਟਰ ਅਤੇ ਸਟੇਟ ਹੈੱਡ ਵਜੋਂ ਜੁੜੇ ਹੋਏ ਹਨ।